ਸਿੱਖਿਆ ਵਿਭਾਗ ਦਾ ਤਾਨਾਸ਼ਾਹੀ ਹੁਕਮ, ਸੜਕਾਂ ‘ਤੇ ਭਿਖਾਰੀਆਂ ਵਾਂਗ ਅਧਿਆਪਕ ਮੰਗਣ ਲਾਏ ‘ਫੇਸਬੁੱਕ ਲਾਈਕ’

♦♦ਚੰਗੀ ਚੀਜ਼ ਨੂੰ ਹਰ ਕੋਈ ਪਸੰਦ ਕਰਦੈ ਅਤੇ ਮਾੜੀ ਚੀਜ਼ ਨੂੰ ਹਰ ਕੋਈ ਦਰਕਿਨਾਰ ਕਰਦੈ। ਪਰ ਸਿੱਖਿਆ ਵਿਭਾਗ ਵਿੱਚ ਇਸ ਦੇ ਉਲਟ ਕੰਮ ਚੱਲ ਰਿਹੈ। ਸਿੱਖਿਆ ਵਿਭਾਗ ਕੰਮ ਤਾਂ ਕੋਈ ਚੱਜ ਦਾ ਕਰ ਨਹੀਂ ਰਿਹਾ, ਪਰ ਅਧਿਆਪਕਾਂ ਨੂੰ ਫੇਸਬੁੱਕ ਪੰਨਾ ਪਸੰਦ, ਮਤਲਬ ਕਿ ‘ਲਾਈਕ’ ਕਰਵਾਉਣ ਲਈ ਕਹਿ ਰਿਹਾ। ਕਈ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰ ਤਾਂ ਅਧਿਆਪਕਾਂ ਨੂੰ ਇਹ ਕਹਿੰਦੇ ਵੀ ਸੁਣੇ ਜਾ ਰਹੇ ਹਨ ਕਿ, ਜਾਓ ਸੜਕਾਂ ‘ਤੇ, ਪਾਰਕਾਂ ਵਿੱਚ ਜਾਂ ਫਿਰ ਗਲੀਆਂ ਮੁਹੱਲਿਆਂ ਵਿੱਚ ਅਤੇ ਕਰਵਾਓ ਫੇਸਬੁੱਕ ਪੰਨਾ ਲਾਈਕ! ਸੜਕਾਂ ‘ਤੇ ਰੋਕ ਰੋਕ ਕੇ ਲੋਕਾਂ ਨੂੰ ਫੇਸਬੁੱਕ ਪੰਨਾ ਲਾਈਕ ਕਰਨ ਲਈ ਆਖੋ ਅਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਬਾਰੇ ਦੱਸੋ। ਹੁਣ, ਆਹ ਜਿਹੜੇ ਤਾਨਾਸ਼ਾਹੀ ਹੁਕਮ ਕਈ ਸਿੱਖਿਆ ਅਫ਼ਸਰ ਅਧਿਆਪਕਾਂ ਨਾਲ ਜ਼ੂਮ ਮੀਟਿੰਗਾਂ ਕਰਕੇ ਅਤੇ ਵਟਸਐਪ ਗਰੁੱਪਾਂ ਰਾਹੀਂ ਦੇ ਰਹੇ ਹਨ, ਉਨ੍ਹਾਂ ਨੂੰ ਥੋੜ੍ਹੀ ਕੁ ਸ਼ਰਮ ਆਉਣੀ ਚਾਹੀਦੀ ਹੈ, ਜੇਕਰ ਵਿਭਾਗ ਚੱਜ ਦੇ ਕੰਮ ਕਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਵਿੱਚ ਸਮਾਂ ਬਿਤਾਉਂਦਾ ਹੋਵੇ ਤਾਂ, ਕਦੇ ਵੀ ਮਿੰਨਤਾਂ ਤਰਲੇ ਕਰ ਕੇ ਫੇਸਬੁੱਕ ਲਾਈਕ ਕਰਵਾਉਣ ਲਈ ਕਿਸੇ ਨੂੰ ਨਾ ਕਹਿਣਾ ਪਵੇ।
ਖ਼ੈਰ, ਫੇਸਬੁੱਕ ਕੌਣ ਨਹੀਂ ਵਰਤ ਸਕਦਾ ਅਤੇ ਕੌਣ ਵਰਤ ਸਕਦਾ ਹੈ, ਇਹਦੇ ਬਾਰੇ ਸਭ ਨੂੰ ਪਤਾ ਹੈ। 18 ਸਾਲ ਤੋਂ ਉੱਪਰ ਉਮਰ ਦੇ ਬੱਚੇ ਦਾ ਫੇਸਬੁੱਕ ਅਕਾਊਟ ਬਣਦਾ ਹੈ। ਪਰ ਜਿਸ ਤਰੀਕੇ ਦੇ ਨਾਲ ਸਿੱਖਿਆ ਵਿੱਚ ਸਿਰਫ਼ ਫੇਸਬੁੱਕੀ ਗਿਆਨ ਜ਼ਰੀਏ ਨਿਖਾਰ ਲਿਆਉਣ ਲਈ ਸਿੱਖਿਆ ਵਿਭਾਗ ਦੇ ਕੁੱਝ ਅਧਿਕਾਰੀਆਂ ਨੇ 18 ਸਾਲਾਂ ਤੋਂ ਨਿੱਕੇ ਬੱਚਿਆਂ ਦੇ ਹੱਥ ਮੋਬਾਈਲ ਫ਼ੋਨ ਫੜ੍ਹਾ ਕੇ, ਉਨ੍ਹਾਂ ਨੂੰ ਫੇਸਬੁੱਕ ਆਈ.ਡੀ. ਬਣਾਉਣ ਦੇ ਲਈ ਕਹਿ ਦਿੱਤਾ ਹੋਇਆ ਹੈ, ਉਹਦੇ ਤੋਂ ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ, ਇੱਕ ਮੁਕੱਦਮਾ ਸਿੱਖਿਆ ਵਿਭਾਗ ‘ਤੇ ਵੀ ਦਰਜ ਹੋਣਾ ਚਾਹੀਦਾ ਹੈ, ਜਿਹੜਾ ਜਵਾਕਾਂ ਨੂੰ ਫੇਸਬੁੱਕ ਚਲਾਉਣ ਲਈ ਮਜਬੂਰ ਕਰ ਰਿਹਾ ਹੈ। ਖ਼ੈਰ, ਵਿਭਾਗ ਖ਼ਿਲਾਫ਼ ਨਾ ਕੋਈ ਸ਼ਿਕਾਇਤ ਦਰਜ ਕਰਵਾਏਗਾ ਅਤੇ ਨਾ ਹੀ ਕੋਈ ਮੁਕੱਦਮਾ ਦਰਜ ਕਰਵਾਏਗਾ, ਕਿਉਂਕਿ ਸਭ ਮਿਲੇ ਹੋਏ ਨੇ। ਸਿੱਖਿਆ ਦੇ ਝੂਠੇ ਅੰਕੜੇ ਪੇਸ਼ ਕਰ ਕੇ ਆਪਣੇ ‘ਫ਼ੀਲਿਆਂ’ ਨਾਲ ਮੀਟਿੰਗ ਕਰਨ ਵਿੱਚ ਮਸਰੂਫ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਸਭ ਤੋਂ ਪਹਿਲੋਂ ‘ਯੂ-ਟਿਊਬ’ ‘ਤੇ ਡਿਸਲਾਈਕ ਦਾ ਪ੍ਰਸ਼ਾਦ ਮਿਲਿਆ, ਉੱਥੇ ਵਿਭਾਗ ਦੇ ਫੇਸਬੁੱਕ ਪੰਨੇ ‘ਤੇ ਵੀ ਕਈ ਅਧਿਆਪਕਾਂ ਨੇ ਜੰਮ ਕੇ ਭੜਾਸ ਕੱਢੀ ਅਤੇ ਵਿਭਾਗ ਦੀ ਸਚਾਈ ਸਾਹਮਣੇ ਲਿਆਂਦੀ। ਮੁੱਖ ਮੰਤਰੀ ਤੋਂ ਬਾਅਦ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮਿਲੇ ਯੂ-ਟਿਊਬ ‘ਤੇ ਡਿਸਲਾਈਕ ਮਿਲੇ ਅਤੇ ਇਸੇ ਦੇ ਨਾਲ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਪਿੱਛੇ ਨਹੀਂ ਰਿਹਾ, ਉਹਦੀ ਝੋਲੀ ਵੀ ਡਿਸਲਾਈਕ ਦੇ ਨਾਲ ਭਰ ਗਈ।
ਇਸ ਸਭ ਤੋਂ ਤੰਗ ਆਏ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਅਜਿਹੇ ਧਮਕੀ ਭਰੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਕਿ, ਹਰ ਕੋਈ ਵੇਖ ਕੇ ਹੈਰਾਨ ਸੀ ਕਿ ਆਖ਼ਰ ਹੋ ਕੀ ਰਿਹਾ ਹੈ? ਵਿਭਾਗ ਦੇ ਸਿੱਖਿਆ ਅਫ਼ਸਰਾਂ ਵੱਲੋਂ ਵੋਇਸ ਮੈਜਿਸ ਤੋਂ ਇਲਾਵਾ ਲਿਖਤੀ ਮੈਜਿਸ ਸੋਸ਼ਲ ਮੀਡੀਆ ‘ਤੇ ਅਧਿਆਪਕਾਂ ਦੇ ਵੱਖ ਵੱਖ ਗਰੁੱਪਾਂ ਵਿੱਚ ਭੇਜੇ ਅਤੇ ਇਹ ਕਿਹਾ ਗਿਆ ਕਿ, ਵੱਧ ਤੋਂ ਵੱਧ ਫੇਸਬੁੱਕ ਪੰਨੇ ਨੂੰ ਲਾਈਕ ਕਰਵਾਇਆ ਜਾਵੇ। ਬਹੁਤੇ ਅਧਿਆਪਕ ਸਿੱਖਿਆ ਵਿਭਾਗ ਦੀਆਂ ਤਾਨਾਸ਼ਾਹੀਆਂ ਤੋਂ ਅੱਕੇ ਪਏ ਸਨ, ਉਨ੍ਹਾਂ ਨੇ ਲਾਈਕ ਦੀ ਬਿਜਾਏ ਡਿਸਲਾਈਕ ਕਰਵਾਉਣਾ ਸ਼ੁਰੂ ਕਰ ਦਿੱਤਾ। ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਕਿ, ਪੰਜਾਬ ਦੇ ਸਿੱਖਿਆ ਸਕੱਤਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਸਿੱਖਿਆ ਅਫ਼ਸਰਾਂ ਅਤੇ ਸਕੂਲ ਪਿ੍ਰੰਸੀਪਲਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਆਪਣੇ ਅਧਿਆਪਕਾਂ ਕੋਲੋਂ ਤਾਂ ਫੇਸਬੁੱਕ ਪੰਨਾ ਲਾਈਕ ਕਰਵਾਉਣ, ਨਾਲ ਦੀ ਨਾਲ ਅਧਿਆਪਕ ਹੋਰਨਾਂ ਲੋਕਾਂ ਨੂੰ ਵੀ ਵਿਭਾਗ ਦਾ ਐਕਟੀਵਿਟੀ ਪੰਨਾ ਲਾਈਕ ਕਰਵਾਉਣ ਦੀ ਅਪੀਲ ਕਰਨ। ਜ਼ਿਲ੍ਹਾ, ਬਲਾਕ ਅਤੇ ਸਕੂਲ ਪੱਧਰ ‘ਤੇ ਹੁਣ ਜਿਹੜੀ ਮੁਹਿੰਮ ਚੱਲ ਰਹੀ ਹੈ, ਉਹ ਸਿਰਫ਼ ‘ਫੇਸਬੁੱਕ’ ਪੰਨਾ ਲਾਈਕ ਕਰਵਾਉਣ ਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਐਕਟੀਵਿਟੀ ਨਹੀਂ ਹੋ ਰਹੀ, ਜਿਸ ਰਾਹੀਂ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕਦੀ ਹੋਵੇ।
 
ਵੈਸੇ, ਇੱਕ ਪਾਸੇ ਤਾਂ ਪੰਜਾਬ ਦੇ ਸਿੱਖਿਆ ਤੰਤਰ ਦਾ ਬੇੜਾ ਗ਼ਰਕ ਕੋਰੋਨਾ ਨੇ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਤਾਨਾਸ਼ਾਹੀ ਹੁਕਮਾਂ ਨੇ ਸਿੱਖਿਆ ਤੰਤਰ ਨੂੰ ਖੁੱਡੇ ਲਾਈਨ ਲਗਾ ਦਿੱਤਾ ਹੋਇਆ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਘੱਟ ਅਤੇ ਦਫ਼ਤਰੀ ਕੰਮ ਤਾਂ ਪਹਿਲੋਂ ਹੀ ਅਧਿਆਪਕਾਂ ਕੋਲੋਂ ਬਹੁਤੇ ਕਰਵਾਏ ਜਾਂਦੇ ਸਨ, ਪਰ ਹੁਣ ਤਾਂ ਵਿਭਾਗ ਨੇ ਹੱਦ ਹੀ ਕਰ ਦਿੱਤੀ ਹੈ। ਅਧਿਆਪਕਾਂ ਨੂੰ ਸਰਕਾਰ ਨੇ ਆਪਣੇ ਆਈ ਟੀ ਸੈੱਲ ਵਰਕਰ ਬਣਾ ਦਿੱਤਾ ਹੋਇਆ ਹੈ। ਕੁੱਝ ਦਿਨਾਂ ਦੇ ਵਿੱਚ ਹੀ ਅਧਿਆਪਕਾਂ ‘ਤੇ ਅਜਿਹੀਆਂ ਮੁਸੀਬਤਾਂ ਪਈਆਂ ਹਨ ਕਿ, ਉਹ ਭਿਆਨਕ ਗਰਮੀ ਵਿੱਚ ਬੌਂਦਲੇ ਪਏ ਹਨ। ਵੈਸੇ, ਅਧਿਆਪਕਾਂ ਨੂੰ ਬੌਂਦਲਾਉੱਣ ਸਿੱਧੇ ਤੌਰ ‘ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਲਾਇਆ ਹੈ, ਜਿਹੜੇ ਖ਼ੁਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ, ਏ.ਸੀ. ਕਮਰਿਆਂ ਵਿੱਚ ਬੈਠ ਕੇ ਜਾਅਲੀ ਅੰਕੜੇ ਪੇਸ਼ ਕਰ ਕੇ ਵਾਹੋ ਵਾਹੀ ਖੱਟਣ ਦੇ ਵਿੱਚ ਲੱਗੇ ਹੋਏ ਹਨ ਅਤੇ ਆਪਣੀ ਮਰੀ ਜ਼ਮੀਰ ਦਾ ਸਬੂਤ ਪੇਸ਼ ਕਰ ਰਹੇ ਹਨ।
 
ਦੂਜੇ ਪਾਸੇ, ਮੋਹਾਲੀ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨਾਲ ਜਦੋਂ ‘ਪੰਜਾਬ ਨੈੱਟਵਰਕ’ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ, ਸਿੱਖਿਆ ਵਿਭਾਗ ਦਾ ਫੇਸਬੁੱਕ ਪੰਨਾ ਲਾਈਕ ਕਰਵਾਉਣ ਦੇ ਹੁਕਮ ਕੀ ਸਿੱਖਿਆ ਵਿਭਾਗ ਦੇ ਵੱਲੋਂ ਦਿੱਤੇ ਗਏ ਹਨ ਤਾਂ, ਉਹ ਸਿੱਧੇ ਤੌਰ ‘ਤੇ ਇਸ ਗੱਲ ਤੋਂ ਕਿਨਾਰਾ ਕਰਦੇ ਨਜ਼ਰੀ ਆਏ ਕਿ, ਸਿੱਖਿਆ ਵਿਭਾਗ ਨੇ ਕਿਸੇ ਵੀ ਅਧਿਆਪਕ ਨੂੰ ਫੇਸਬੁੱਕ ਪੰਨਾ ਲਾਈਕ ਕਰਵਾਉਣ ਵਾਸਤੇ ਹੁਕਮ ਜਾਰੀ ਨਹੀਂ ਕੀਤਾ, ਬਲਕਿ ਅਧਿਆਪਕ ਖ਼ੁਦ ਆਪਣੀ ਜ਼ਿੰਮੇਵਾਰੀ ਸਮਝ ਕੇ ਫੇਸਬੁੱਕ ਪੰਨਾ ਲਾਈਕ ਕਰਵਾ ਰਹੇ ਹਨ। ਜਦੋਂ ਸਿੱਖਿਆ ਅਫ਼ਸਰ ਨੂੰ ਪੁੱਛਿਆ ਗਿਆ ਕਿ, ਕੀ ਅਧਿਆਪਕਾਂ ਨੂੰ ਧੱਕੇ ਦੇ ਨਾਲ ਫੇਸਬੁੱਕ ਪੰਨਾ ਲਾਈਕ ਕਰਵਾਉਣ ਲਈ ਆਖਿਆ ਜਾ ਰਿਹਾ ਹੈ ਤਾਂ, ਇਸ ਸਵਾਲ ਦਾ ਜਵਾਬ ਵੀ ਉਹ (ਸਿੱਖਿਆ ਅਫ਼ਸਰ) ਗੋਲ-ਮੋਲ ਦਿੰਦੇ ਨਜ਼ਰੀ ਆਏ ਕਿ, ਅਸੀਂ ਕਿਸੇ ਅਧਿਆਪਕ ਨੂੰ ਘਰੋਂ ਨਹੀਂ ਬੁਲਾ ਰਹੇ, ਬਲਕਿ ਜ਼ੂਮ ਮੀਟਿੰਗ ਰਾਹੀਂ ਹੀ ਗੱਲਬਾਤ ਕਰ ਰਹੇ ਹਨ। ਦੱਸਦੇ ਚੱਲੀਏ ਕਿ, ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨਾਲ ਸੂਬਾ ਪੱਧਰੀ ‘ਆਨਲਾਈਨ ਮੀਟਿੰਗ’ ਕੀਤੀ ਗਈ ਸੀ ਤਾਂ, ਉਸ ਵੇਲੇ ਉਨ੍ਹਾਂ ਨੂੰ ‘ਯੂ-ਟਿਊਬ’ ‘ਤੇ ਲਾਈਕ ਤੋਂ ਵੱਧ ‘ਡਿਸਲਾਈਕ’ ਮਿਲੇ ਸਨ, ਜਿਸ ਤੋਂ ਤੰਗ ਆਏ ਸਿੱਖਿਆ ਵਿਭਾਗ ਨੇ ਵੱਖੋ-ਵੱਖਰੇ ਹੁਕਮ ਜਾਰੀ ਕੀਤੇ ਸਨ, ਪਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿੱਖਿਆ ਅਫ਼ਸਰ ਨੇ ਤਾਂ ਸਰਕਾਰੀ ਹੁਕਮ ਜਾਰੀ ਕਰ ਕੇ ਅਧਿਆਪਕਾਂ ਨੂੰ 10 ਲਾਈਕ, 10 ਸ਼ੇਅਰ, 10 ਕੁਮੈਂਟ ਕਰਵਾਉਣ ਦੇ ਲਈ ਕਹਿ ਦਿੱਤਾ ਹੋਇਆ ਸੀ, ਜਿਸ ਦਾ ਜੰਮ ਕੇ ਵਿਰੋਧ ਵੀ ਹੋਇਆ ਸੀ।            ਗੁਰਪ੍ਰੀਤ

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM